Weekly

???? ???

Click here to edit subtitle

EDITORIAL Post New Entry

view:  full / summary

13-MAY-2016

Posted by Sanjeev Dawar on May 12, 2016 at 11:05 PM

ਮੈਂ ਟੈਕਸ ਤਾਂ ਦੇਣਾ ਚਾਹੁੰਦਾ ਹਾਂ ਪਰ ਇਨ੍ਹਾਂ ਦੇ ਬਦਲੇ ਸੱਭਿਅਤਾ ਦੀ ਆਸ ਰੱਖਦਾ ਹਾਂ- ਔਲੀਵਰ ਵੈਨਡਲ ਹੋਲਮਸ

 

ਟੈਕਸ

 

ਅਕਸਰ ਦੇਖਣ ’ਚ ਆਉਦਾ ਹੈ ਲਗਭਗ ਹਰ ਆਮ ਵਿਅਕਤੀ ਵੱਖ- ਵੱਖ ਟੈਕਸਾਂ ਤੋਂ ਦੁਖੀ ਰਹਿੰਦਾ ਹੈ। ਇਹ ਨਹੀਂ ਕਿ ਟੈਕਸਾਂ ਦਾ ਅਸਲ ਮੰਤਵ ਲੋਕਾਂ ਨੂੰ ਪਤਾ ਨਹੀਂ ਪਰ ਇਸ ਦੇ ਬਾਵਜੂਦ ਵੀ ਲੋਕ ਟੈਕਸ ਦੇਣ ਤੋਂ ਅਕਸਰ ਕੰਨੀ ਕਤਰਾਉਦੇ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਵੱਖ- ਵੱਖ ਟੈਕਸ ਜੋ ਸਾਡੇ ਪਾਸੋਂ ਵਸੂਲੇ ਜਾਂਦੇ ਹਨ, ਉਹ ਸਾਡੇ ਲਈ ਕੀਤੇ ਜਾਂਦੇ ਵਿਕਾਸ ਕਾਰਜਾਂ/ਸਹੂਲਤਾਂ ਜਾਂ ਹੋਰ ਲੋਕ ਹੇਤੂ ਯੋਜਨਾਵਾਂ ’ਤੇ ਖਰਚ ਕੀਤੇ ਜਾਂਦੇ ਹਨ। ਫਿਰ ਵੀ ਬਹੁਤ ਸਾਰੇ ਲੋਕ ਟੈਕਸ ਦੇਣ ਤੋਂ ਕਤਰਾਉਦੇ ਕਿਉ ਹਨ? ਇਸ ਸਵਾਲ ਦਾ ਜਵਾਬ ਜੋ ਕਈ ਲੋਕਾਂ ਦੇ ਵਿਚਾਰ ਜਾਨਣ ਤੋਂ ਬਾਅਦ ਸਾਹਮਣੇ ਆਇਆ, ਉਹ ਇਹ ਸੀ ਕਿ ਟੈਕਸ ਤਾਂ ਸਰਕਾਰਾਂ ਲਗਾਤਾਰ ਵਧਾਉਦੀਆਂ ਵੀ ਹਨ ਤੇ ਨਵੇਂ ਵੀ ਲਗਾਉਦੀਆਂ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਵੀ ਰਹਿੰਦਾ ਹੈ ਪਰ ਇਸ ਵਾਧੇ ਦੇ ਅਨੁਪਾਤ ’ਚ ਵਿਕਾਸ ਕਾਰਜ ਹੁੰਦੇ ਨਜ਼ਰ ਨਹੀਂ ਆਉਦੇ। ਜਾਂ ਇੰਝ ਵੀ ਵਿਚਾਰ ਸਾਹਮਣੇ ਆਏ ਕਿ ਟੈਕਸ ਤਾਂ ਪੂਰਾ ਵਸੂਲਿਆ ਜਾਂਦਾ ਹੈ ਪਰ ਇਸ ਦੇ ਉਲਟ ਵਿਕਾਸ ਕਾਰਜਾਂ ਦਾ ਮਿਆਰ ਘੱਟਦਾ ਜਾ ਰਿਹਾ ਹੈ ਤੇ ਮੰਨਿਆ ਜਾਂਦਾ ਹੈ ਕਿ ਜਿਆਦਾਤਰ ਪੈਸਾ ਕਮੀਸ਼ਨਾਂ ਦੇ ਰੂਪ ਵਿੱਚ ਚਲਿਆ ਜਾਂਦਾ ਹੈ, ਜਦਕਿ ਅਸਲ ’ਚ ਕੁਝ ਕੁ ਫੀਸਦੀ ਹੀ ਖਰਚ ਹੁੰਦਾ ਹੈ। ਇਹ ਗੱਲ ਤਾਂ ਕਈ ਦਹਾਕਿਆਂ ਤੋਂ ਚਲਦੀ ਆ ਰਹੀ ਹੈ ਕਿ ਉੱਪਰਲੇ ਪੱਧਰ ਤੋਂ ਤਾਂ ਵਿਕਾਸ ਕਾਰਜਾਂ ਲਈ ਪੈਸੇ ਪੂਰੇ ਜਾਰੀ ਹੁੰਦੇ ਹਨ ਪਰ ਹੇਠਲੇ ਪੱਧਰ ’ਤੇ ਆਉਦੇ- ਆਉਦੇ ਬਹੁਤ ਘੱਟ ਜਾਂਦੇ ਹਨ। ਦੁਖ ਤੇ ਚਿੰਤਾ ਦੀ ਗੱਲ ਹੈ ਕਿ ਦਿਨ-ਬ- ਦਿਨ ਇਹ ਸਥਿਤੀ ਹੋਰ ਵੀ ਚਿੰਤਾਜਨਕ ਹੁੰਦੀ ਜਾ ਰਹੀ ਹੈ।

 

ਜੇਕਰ ਵਹੀਕਲਾਂ ਨਾਲ ਸੰਬੰਧਿਤ ਟੈਕਸਾਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਤਾਂ ਵਹੀਕਲ ਖਰੀਦਣ ਸਮੇਂ ਜੋ ਰੋਡ ਟੈਕਸ ਵਸੂਲਿਆ ਜਾਂਦਾ ਹੈ, ਉਸ ਵਿੱਚ ਵੀ ਵਾਧਾ ਹੋਇਆ ਹੈ ਤੇ ਦੂਜੇ ਹੀ ਪਾਸੇ ਟੋਲ ਟੈਕਸ ਵੀ ਵਸੂਲਿਆ ਜਾਂ ਰਿਹਾ ਹੈ। ਇਸ ਤਰ੍ਹਾਂ ਹੀ ਕਈ ਹੋਰ ਵੀ ਵਸਤਾਂ ਹਨ ਜਿਨ੍ਹਾਂ ਉੱਤੇ ਟੈਕਸ ’ਤੇ ਟੈਕਸ ਲਗਾਏ ਜਾ ਰਹੇ ਹਨ। ਹੋਰ ਤਾਂ ਹੋਰ ਸਵੱਛ ਭਾਰਤ ਟੈਕਸ/ਸੈੱਸ ਵੀ ਲਗਾ ਦਿੱਤਾ ਗਿਆ ਹੈ, ਪਰ ਕੀ ਕਿਧਰੇ ਸਵੱਛਤਾ ਨਜ਼ਰ ਆਈ...? ਜਦਕਿ ਹੋਰ ਵੀ ਕਈ ਤਰ੍ਹਾਂ ਦੇ ਟੈਕਸ ਤਾਂ ਵਸੂਲੇ ਜਾ ਰਹੇ ਹਨ ਪਰ ਕੀ ਸਿਹਤ, ਸਿੱਖਿਆ ਆਦਿ ਵਰਗੀਆਂ ਮੁੱਢਲੀਆਂ ਸਹੂਲਤਾਂ ’ਚ ਸੁਧਾਰ ਆਇਆ..? ਅਜਿਹੇ ਕਈ ਸਵਾਲ ਹਨ ਜੋ ਸਰਕਾਰ ਵੱਲੋਂ ਵਸੂਲੇ ਜਾਂਦੇ ਟੈਕਸਾਂ ਦੀ ਤਰਕਸੰਗਤਾ ’ਤੇ ਕਿੰਤੂ ਕਰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ, ਉਸ ਵੱਲੋਂ ਵਸੂਲੇ ਜਾਂਦੇ ਟੈਕਸਾਂ ’ਤੇ ਨਿਰਭਰ ਕਰਦੀ ਹੈ, ਪਰ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਲੋਕਾਂ ਦੀ ਖ਼ੂਨ- ਪਸੀਨੇ ਦੀ ਕਮਾਈ ਤਾਂ ਟੈਕਸਾਂ ਦੇ ਰੂਪ ’ਚ ਵਸੂਲ ਲਈ ਜਾਂਦੀ ਹੈ ਤੇ ਫਿਰ ਜਦੋਂ ਵਿਕਾਸ ਦੀ ਗੱਲ ਆਉਦੀ ਹੈ ਤਾਂ ਕਈ ਵਾਰ ਤਰਸਾ- ਤਰਸਾ ਕੇ ਜਾਂ ਅਹਿਸਾਨ ਜਤਾ ਕੇ ਵਿਕਾਸ ਕਾਰਜ ਕੀਤੇ ਜਾਂਦੇ ਹਨ, ਜਦਕਿ ਉਹ ਵੀ ਕਿਸ ਮਿਆਰ ਦੇ ਹੁੰਦੇ ਹਨ, ਇਹ ਅਸੀਂ ਸਾਰੇ ਹੀ ਜਾਣਦੇ ਹਾਂ। ਕਈ ਤਾਂ ਅਜਿਹੇ ਮਾਮਲੇ ਵੀ ਦੱਬੀ ਜ਼ੁਬਾਨ ’ਚ ਬੀਤੇ ਸਮਿਆਂ ਦੌਰਾਨ ਸਾਹਮਣੇ ਆਏ, ਜਿਨ੍ਹਾਂ ਮੁਤਾਬਿਕ ਵਿਕਾਸ ਕਾਰਜਾਂ ਲਈ ਦਿੱਤੀ ਜਾਂਦੀ ਗ੍ਰਾਂਟ ’ਚੋਂ ਵੀ ਕਮੀਸ਼ਨ ਦੀ ਮੰਗ ਕੀਤੀ ਗਈ ਸੀ। ਜੇਕਰ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਅੱਧ ਤੋਂ ਵੀ ਘੱਟ ਵਿਕਾਸ ਕਾਰਜਾਂ ’ਤੇ ਲਗਾਈ ਜਾਂਦੀ ਹੈ ਤਾਂ ਫਿਰ ਲੋਕਾਂ ਨੇ ਟੈਕਸ ਦੇਣ ਤੋਂ ਤਾਂ ਕੰਨੀ ਕਤਰਾਉਣੀ ਹੀ ਹੈ। ਜਦਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਲੋਕ ਵਿਕਾਸ ਕਾਰਜਾਂ ਤੋਂ ਇਸ ਕਦਰ ਖੁਸ਼ ਹੋਣ ਕਿ ਈਮਾਨਦਾਰੀ ਨਾਲ ਤੇ ਖਿੜੇ੍ਹ ਮੱਥੇ ਟੈਕਸ ਸਰਕਾਰ ਨੂੰ ਦੇਣ ਨਾ ਕਿ ਦੁਖੀ ਹਿਰਦੇ ਨਾਲ।

 

ਜੇਕਰ ਵਿਦੇਸ਼ੀ ਸਿਸਟਮ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉੱਥੇ ਟੈਕਸ ਬਹੁਤ ਜਿਆਦਾ ਵਸੂਲੇ ਜਾਂਦੇ ਹਨ, ਪਰ ਉੱਥੋਂ ਦੇ ਲੋਕ ਇਸ ਲਈ ਈਮਾਨਦਾਰੀ ਨਾਲ ਟੈਕਸ ਦਿੰਦੇ ਹਨ, ਕਿਉਕਿ ਇਸ ਦੇ ਏਵਜ਼ ’ਚ ਉਹਨਾਂ ਨੂੰ ਮਿਆਰੀ ਸਿਹਤ ਤੇ ਸਿੱਖਿਆ ਸਹੂਲਤਾਂ, ਬੋਰੋਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ, ਬਜ਼ੁਰਗਾਂ ਨੂੰ ਪੈਨਸ਼ਨ ਵਰਗੀਆਂ ਸਹੂਲਤਾਂ/ਯੋਜਨਾਵਾਂ ਦਾ ਲਾਭ ਵੀ ਤਰਕਸੰਗਤ/ਯੋਗ ਮਿਲਦਾ ਹੈ। ਅਜਿਹੀਆਂ ਸਹੂਲਤਾਂ/ਯੋਜਨਾਵਾਂ ਦਾ ਸਾਡੇ ਦੇਸ਼ ’ਚ ਕੀ ਹਾਲ ਹੈ, ਇਸ ਬਾਰੇ ਲਗਭਗ ਹਰ ਆਮ ਇਨਸਾਨ ਜਾਣਦਾ ਹੋਵੇਗਾ। ਸਾਰੀਆਂ ਗੱਲਾਂ ਦਾ ਨਿਚੋੜ ਕੱਢੀਏ ਤਾਂ ਇਹ ਗੱਲ ਸਾਹਮਣੇ ਆਉਦੀ ਹੈ ਕਿ ਜੇਕਰ ਸਰਕਾਰ ਵਿਕਾਸ ਕਾਰਜਾਂ ਨੂੰ ਹੇਠਲੇ ਪੱਧਰ ਤੱਕ ਠੀਕ ਢੰਗ ਨਾਲ ਹੋਣ ਨੂੰ ਯਕੀਨੀ ਬਣਾਵੇ ਤਾਂ ਜ਼ਰੂਰ ਆਮ ਲੋਕ ਵੀ ਟੈਕਸ ਦੇਣ ਤੋਂ ਕੰਨ੍ਹੀ ਨਹੀਂ ਕਤਰਾਉਣਗੇ।

 

ਸੰਜੀਵ ਮੋਹਨ ਡਾਵਰ

01-APR-2016

Posted by Sanjeev Dawar on April 1, 2016 at 1:35 AM

ਸੱਚਾ ਯਤਨ ਕਦੇ ਨਿਸ਼ਫ਼ਲ ਨਹੀਂ ਹੁੰਦਾ। - ਵਿਲਸਨ

 

ਸ਼ੁਰੂਆਤ

 

ਅੱਜ- ਕਲ੍ਹ ਦੇ ਦਿਨ ਜ਼ਿਆਦਾਤਰ ਬੱਚਿਆਂ ਲਈ ਬੜੇ ਖੁਸ਼ਨੁਮਾ ਹਨ, ਕਿਉਕਿ ਜ਼ਿਆਦਾਤਰ ਬੱਚਿਆਂ ਦੀਆਂ ਸਲਾਨਾ ਪ੍ਰੀਖਿਆਵਾਂ ਹੋ ਚੁੱਕੀਆਂ ਹਨ, ਜਦਕਿ ਇਨ੍ਹਾਂ ’ਚੋਂ ਬਹੁਤਿਆਂ ਦਾ ਤਾਂ ਨਤੀਜਾ ਵੀ ਆ ਚੁੱਕਾ ਹੈ। ਜਿਸ ਦੇ ਚਲਦਿਆਂ ਬਹੁਤੇ ਬੱਚੇ ਅੱਜ- ਕਲ੍ਹ ਆਪਣੇ- ਆਪ ਨੂੰ ਆਰਾਮਦਾਇਕ ਅਵਸਥਾ ’ਚ ਮਹਿਸੂਸ ਕਰ ਰਹੇ ਹਨ। ਅਜਿਹਾ ਹੋਣਾ ਵੀ ਚਾਹੀਦਾ ਹੈ, ਕਿਉਕਿ ਪ੍ਰੀਖਿਆਵਾਂ ਦੇ ਦਿਨਾਂ ’ਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਭਾਰੀ ਮਾਨਸਿਕ ਦਬਾਅ ਹੇਠ ਹੁੰਦੇ ਹਨ, ਜਦਕਿ ਪ੍ਰੀਖਿਆਵਾਂ ਤੋਂ ਬਾਅਦ ਇਹ ਦਬਾਅ ਬਿਲਕੁਲ ਖ਼ਤਮ ਹੋ ਜਾਂਦਾ ਹੈ। ਸਿੱਟੇ ਵਜੋਂ ਬੱਚੇ ਆਜ਼ਾਦ ਮਾਹੌਲ ਦਾ ਖੂਬ ਆਨੰਦ ਮਾਣਦੇ ਹਨ। ਆਜ਼ਾਦੀ ਵਰਗਾ ਮਾਹੌਲ ਕੌਣ ਨਹੀਂ ਚਾਹੁੰਦਾ, ਪਰ ਬੱਚਿਆਂ ਦੇ ਮਾਮਲੇ ’ਚ ਇਸ ਆਜ਼ਾਦੀ ਨੂੰ ਸਦਾ ਲਈ ਨਹੀਂ ਰਹਿਣਾ ਚਾਹੀਦਾ, ਕਿਉਕਿ ਉਹਨਾਂ ਦਾ ਸੁਨਹਿਰਾ ਭਵਿੱਖ ਇਸ ਆਜ਼ਾਦੀ ਤੋਂ ਅਗਲੇ ਪੜਾਅ ਨੂੰ ਪਾਰ ਕਰਕੇ, ਬਲਕਿ ਅਜਿਹੇ ਕਈ ਹੋਰ ਪੜਾਅ ਪਾਰ ਕਰਕੇ ਹੀ ਹੋ ਸਕਦਾ ਹੈ।

 

ਜੀ ਹਾਂ! ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੜ੍ਹ- ਲਿਖ ਕੇ ਹੀ ਜ਼ਿੰਦਗੀ ਨੂੰ ਰੌਸ਼ਨ ਕੀਤਾ ਜਾ ਸਕਦਾ ਹੈ, ਪਰ ਛੋਟੀ ਉਮਰ ਦੇ ਬੱਚੇ ਇਸ ਸੱਚਾਈ ਤੋਂ ਅਣਜਾਣ ਹੁੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਚੰਗੇ- ਮਾੜੇ ਦੀ ਸਮਝ ਵੀ ਘੱਟ ਹੁੰਦੀ ਹੈ। ਇਸ ਲਈ ਮਾਪਿਆਂ ਦੀ ਜ਼ਿੰਮੇਵਾਰੀ ਜ਼ਿਆਦਾ ਹੋ ਜਾਂਦੀ ਹੈ। ਹੁਣ ਜਿਵੇਂ ਕਿ ਬੱਚਿਆਂ ’ਤੇ ਬਹੁਤ ਘੱਟ ਪੜ੍ਹਾਈ ਦਾ ਬੋਝ ਹੈ ਅਤੇ ਅੱਗੇ ਜਾ ਕੇ ਜਿਵੇਂ ਹੀ ਸਕੂਲ ਦੁਬਾਰਾ ਸ਼ੁਰੂ ਹੋਣਗੇ ਤਾਂ ਇਹ ਬੋਝ ਹੌਲੀ- ਹੌਲੀ ਵੱਧਦਾ ਜਾਵੇਗਾ, ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਬੱਚਿਆਂ ਨੂੰ ਹੁਣ ਤੋਂ ਹੀ ਥੋੜਾ- ਥੋੜਾ ਇਸ ਗੱਲ ਲਈ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਜਦਕਿ ਇਹ ਤਿਆਰੀ ਮਾਪਿਆਂ ਵੱਲੋਂ ਹੀ ਕੀਤੀ ਜਾਣੀ ਬਣਦੀ ਹੈ।

 

ਬੱਚਿਆਂ ਨੂੰ ਨਵੀਂ ਜਮਾਤ/ਕਲਾਸ ’ਚ ਦਾਖਿਲ ਕਰਵਾਉਣ ਤੋਂ ਪਹਿਲਾਂ ਹੀ ਇਸ ਗੱਲ ਲਈ ਤਿਆਰ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਪੜ੍ਹਾਈ ਨੂੰ ਨਾਲੋ- ਨਾਲ ਕਰਨਾ ਹੈ ਨਾ ਕਿ ਇਸ ਨੂੰ ਬਹੁਤ ਹਲਕੇ ’ਚ ਲੈਣਾ ਹੈ। ਕਈ ਮਾਪੇ ਤਾਂ ਇਸ ਪ੍ਰਤੀ ਸ਼ੁਰੂ ਤੋਂ ਹੀ ਗੰਭੀਰ ਹੁੰਦੇ ਹਨ ਪਰ ਜ਼ਿਆਦਾਤਰ ਮਾਪੇ ਇਸ ਨੂੰ ਬਹੁਤੀ ਸੰਜੀਦਗੀ ਨਾਲ ਨਹੀਂ ਲੈਂਦੇ। ਸਿੱਟੇ ਵਜੋਂ ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਬੱਚਿਆਂ ’ਤੇ ਵੀ ਬੋਝ ਵੱਧ ਜਾਂਦਾ ਹੈ ਤੇ ਮਾਪਿਆਂ ’ਤੇ ਵੀ। ਕਹਿਣ ਤੋਂ ਭਾਵ ਹੈ ਕਿ ਸਕੂਲ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਹੀ ਬੱਚਿਆਂ ਨੂੰ ਸਕੂਲ ਤੋਂ ਮਿਲਿਆ ਕੰਮ ਅਤੇ ਸਿਲੇਬਸ ਨਾਲੋ- ਨਾਲ ਹੀ ਪੂਰਾ ਕਰਵਾਉਣ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਿਸ ਨਾਲ ਜਿੱਥੇ ਬੱਚੇ ਨੂੰ ਥੋੜਾ ਸਮਾਂ ਹੀ ਪੜ੍ਹਾਈ ਕਰਨੀ ਪਵੇਗੀ, ਉੱਥੇ ਹੀ ਉਹ ਸਰੀਰਕ ਖੇਡਾਂ ਲਈ ਵੀ ਸਮਾਂ ਕੱਢ ਸਕੇਗਾ। ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ’ਚ ਸਰੀਰਕ ਕਸਰਤ/ਖੇਡਾਂ ਪ੍ਰਤੀ ਜ਼ਿਆਦਾ ਰੁਝਾਨ ਹੋਵੇ ਨਾ ਕਿ ਵੀਡੀਓ ਗੇਮਾਂ ਆਦਿ ਵੱਲ। ਪੜ੍ਹਾਈ ਨਾਲੋ- ਨਾਲ ਕਰਦੇ ਰਹਿਣ ਦਾ ਇੱਕ ਫਾਇਦਾ ਇਹ ਵੀ ਹੈ ਕਿ ਆਪਣੀ ਜਮਾਤ/ਕਲਾਸ ’ਚ ਬੱਚਾ ਅਧਿਆਪਕਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦੇਣ ’ਚ ਵੀ ਸਮਰੱਥ ਹੋ ਸਕੇਗਾ। ਜਿਸ ਨਾਲ ਬੱਚੇ ਦਾ ਮਨੋਬਲ ਵਧੇਗਾ ਅਤੇ ਉਹ ਹੋਰ ਵੀ ਉਤਸਾਹ ਨਾਲ ਪੜ੍ਹਨ ਵੱਲ ਧਿਆਨ ਦੇਵੇਗਾ।

 

ਆਮ ਤੌਰ ’ਤੇ ਦੇਖਣ ’ਚ ਆਉਦਾ ਹੈ ਕਿ ਬੱਚੇ ਅਤੇ ਮਾਪੇ ਵੀ ਇਹ ਹੀ ਸੋਚਦੇ ਹਨ ਕਿ ਅਜੇ ਤਾਂ ਕਲਾਸਾਂ/ਜਮਾਤਾਂ ਸ਼ੁਰੂ ਹੀ ਹੋਈਆਂ ਹਨ, ਅਜੇ ਤਾਂ ਪੂਰਾ ਸਾਲ ਪਿਆ ਹੈ, ਪਰ ਅਜਿਹਾ ਸੋਚਦੇ- ਸੋਚਦੇ ਕਦੋਂ ਪੜ੍ਹਾਈ ਦਾ ਬੋਝ ਵਧ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਬਲਕਿ ਅਸੀਂ ਤਾਂ ਇੱਥੋ ਤੱਕ ਵੀ ਕਹਿਣਾ ਚਾਹਵਾਂਗੇ ਕਿ ਜਦੋਂ ਇੱਕ ਦੋ- ਛੁੱਟੀਆਂ ਵੀ ਆ ਜਾਂਦੀਆਂ ਹਨ ਤਾਂ ਉਨ੍ਹਾਂ ’ਚ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਖਰੀ ਛੁੱਟੀ ’ਚ ਸਾਰਾ ਕੰਮ ਨਿਪਟਾਉਣ ਦੀ ਬਜਾਏ ਸ਼ੁਰੂ ’ਚ ਹੀ ਕੰਮ ਪੂਰਾ ਕਰ ਲਵੋ ਤੇ ਫਿਰ ਦਿਮਾਗ ਨੂੰ ਕੁਝ ਰਾਹਤ ਮਹਿਸੂਸ ਹੋਵੇਗੀ ਤੇ ਬੱਚੇ ਦੀ ਮਾਨਸਿਕ ਸਥਿਤੀ ਵੀ ਯਕੀਨਨ ਸੁਧਰੇਗੀ।

 

ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਜਿੱਥੇ ਤੱਕ ਹੋ ਸਕੇ ਬੱਚਿਆਂ ਦੀ ਪੜ੍ਹਾਈ ’ਚ ਖੁਦ ਵੀ ਰੂਚੀ ਲੈਣ। ਇਸ ਨਾਲ ਜਿੱਥੇ ਉਨ੍ਹਾਂ ਦੇ ਆਪਣੇ ਗਿਆਨ ’ਚ ਵਾਧਾ ਹੋਵੇਗਾ, ਉੱਥੇ ਹੀ ਬੱਚੇ ਵੀ ਪੜ੍ਹਾਈ ’ਚ ਜਿਆਦਾ ਰੂਚੀ ਲੈਣਗੇ।

 

ਕੁਲ ਮਿਲਾ ਕੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਇਹ ਆਦਤ ਪਾਓ ਕਿ ਅੱਜ ਦਾ ਕੰਮ ਕਲ੍ਹ ’ਤੇ ਨਹੀਂ ਛੱਡਣਾ। ਜੇਕਰ ਪਹਿਲੇ ਦਿਨ ਤੋਂ ਹੀ ਇਹ ਆਦਤ ਬਣ ਜਾਵੇ ਤਾਂ ਬੱਚੇ ਵੀ ਸੁਖੀ ਤੇ ਮਾਪੇ ਵੀ, ਜਦਕਿ ਬੱਚਿਆਂ ਦਾ ਭਵਿੱਖ ਸੁਨਹਿਰੀ ਹੋਣਾ ਤਾਂ ਯਕੀਨੀ ਹੋਵੇਗਾ ਹੀ।

 

ਸੰਜੀਵ ਮੋਹਨ ਡਾਵਰ

19-FEB-2016

Posted by Sanjeev Dawar on February 19, 2016 at 2:05 AM

ਪੱਤਰਕਾਰੀ ਇਤਿਹਾਸ ਦਾ ਪਹਿਲਾ ਖਰੜਾ ਹੈ। - ਜੀਓਫਰੀ ਸੀ. ਵਾਰਡ

 

ਆ ਗਈ ਯਾਦ...

 

ਕੁਝ ਕੁ ਸਮਾਂ ਪਹਿਲਾਂ ਹੀ ਅਤੇ ਉਸ ਤੋਂ ਪਹਿਲਾਂ ਵੀ ਕਈ ਵਾਰ ਅਸੀਂ ਸੰਪਾਦਕੀ ਲੇਖ/ਲੇਖਾਂ ਰਾਹੀਂ ਪੱਤਰਕਾਰਾਂ/ਮੀਡੀਆ- ਕਰਮੀਆਂ ਨੂੰ ਸਹੂਲਤਾਂ ਦੇਣ ਅਤੇ ਇਸ ਸੰਬੰਧੀ ਸਰਕਾਰਾਂ ਦੀ ਪੱਤਰਕਾਰਾਂ ਨੂੰ ਮਾਨਤਾ ਦੇਣ ਦੀ ਨੀਤੀ ਬਾਰੇ ਗੱਲ ਕਰ ਚੁੱਕੇ ਹਾਂ, ਪਰ ਸਰਕਾਰਾਂ ਦੇ ਲਈ ਤਾਂ ਸ਼ਾਇਦ ਫੀਲਡ ’ਚ ਕੰਮ ਕਰਦੇ ਬਹੁਗਿਣਤੀ ਪੱਤਰਕਾਰ ਕੋਈ ਮਾਇਨੇ ਹੀ ਨਹੀਂ ਰੱਖਦੇ। ਭਾਵੇਂ ਕਿਸੇ ਵੀ ਪਾਰਟੀ ਜਾਂ ਗਠਜੋੜ ਦੀ ਸਰਕਾਰ ਰਹੀ ਹੋਵੇ, ਹਰ ਇੱਕ ਨੇ ਪੱਤਰਕਾਰਾਂ/ਮੀਡੀਆ- ਕਰਮੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਕੀਤਾ ਹੈ। ਭਾਵ ਕਿ ਚੋਣਾਂ ਤੋਂ ਪਹਿਲਾਂ ਕਈ

 

ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਜ਼ਰੂਰ ਕੀਤੇ ਪਰ ਬਾਅਦ ਵਿੱਚ ਇਹ ਕਹਿ ਕੇ ਖਾਨਾਪੂਰਤੀ ਕਰ ਦਿੱਤੀ ਕਿ ਮਾਨਤਾ ਪ੍ਰਾਪਤ (ਐਕਰੀਡੀਏਟਿਡ ਪੱਤਰਕਾਰਾਂ ਨੂੰ) ਵਾਅਦੇ ਮੁਤਾਬਿਕ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

 

ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਗਿਣਤੀ ਕਿੰਨੀ ਹੈ? ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਬਹੁਤ ਹੀ ਘੱਟ ਪੱਤਰਕਾਰ ਹੀ ਮਾਨਤਾ ਪ੍ਰਾਪਤ ਹਨ। ਜਿਸ ਦਾ ਕਾਰਨ ਐਕਰੀਡੀਏਸ਼ਨ (ਮਾਨਤਾ) ਪਾਲਿਸੀ ਦਾ ਗੁੰਝਲਦਾਰ ਹੋਣਾ ਅਤੇ ਹੋਰ ਵੀ ਕਈ ‘‘ਘੁੰਡੀਆਂ’’ ਹਨ। ਕੀ ਸਰਕਾਰਾਂ ਉਕਤ ਮਾਨਤਾ ਪ੍ਰਾਪਤ ਪੱਤਰਕਾਰਾਂ ਤੋਂ ਇਲਾਵਾ ਉਨ੍ਹਾਂ ਬਾਕੀ ਪੱਤਰਕਾਰਾਂ ਨੂੰ ਪੱਤਰਕਾਰ ਨਹੀਂ ਸਮਝਦੀਆਂ, ਜੋ ਛੋਟੇ ਸ਼ਹਿਰਾਂ/ਕਸਬਿਆਂ ਦੇ ਪੱਤਰਕਾਰ ਹਨ ਤੇ ਦਿਨ ਰਾਤ ਲੋਕਾਂ ਦੀਆਂ ਸਮੱਸਿਆਵਾਂ ਸਰਕਾਰਾਂ ਤੱਕ ਅਤੇ ਸਰਕਾਰਾਂ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ’ਚ ਲੱਗੇ ਰਹਿੰਦੇ ਹਨ। ਜਿਸ ਦੌਰਾਨ ਕਈ ਵਾਰ ਉਹ ਹਾਦਸਿਆਂ ਦਾ ਵੀ ਸ਼ਿਕਾਰ ਹੁੰਦੇ ਹਨ ਜਾਂ ਕਈ ਅਪਰਾਧੀ ਕਿਸਮ ਦੇ ਲੋਕਾਂ ਦੀ ਅੱਖ ’ਚ ਵੀ ਰੜਕਦੇ ਹਨ। ਪੱਤਰਕਾਰ ਉਹ ਆਈਨਾ/ਸ਼ੀਸ਼ਾ ਹਨ, ਜੋ ਸਰਕਾਰਾਂ ਨੂੰ, ਸਮਾਜ ਨੂੰ ਤੇ ਹੋਰਨਾਂ ਨੂੰ ਉਨ੍ਹਾਂ ਦਾ ਅਕਸ ਦਿਖਾਉਣ ’ਚ ਯੋਗਦਾਨ ਪਾਉਦੇ ਹਨ, ਤਾਂ ਜੋ ਉਹ ਆਪਣੀਆਂ ਕਮੀਆਂ ਨੂੰ ਦੂਰ ਕਰਨ ਤੇ ਇੱਕ ਸਿਹਤਮੰਦ ਸਮਾਜ ਸਿਰਜਿਆ ਜਾ ਸਕੇ। । ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਕਾਰਾਂ ਦੀ ਉਕਤ ਦੋਗਲੀ ਨੀਤੀ ਇਸ ਸ਼ੀਸ਼ੇ ਨੂੰ ਹੀ ਕਈ ਤਰ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਕਈ ਵਾਰ ਗਲਤ ਅਕਸ ਦਿਖਾਉਣ ਲਈ ਮਜਬੂਰ ਕਰ ਦਿੰਦੀਆਂ ਹਨ। ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਪੱਤਰਕਾਰ ਵਰਗ ਦੀਆਂ ਸਮੱਸਿਆਵਾਂ ਅਤੇ ਲੋੜਾਂ/ਮੰਗਾਂ ਬਾਰੇ ਤਾਂ ਅਸੀਂ ਪਹਿਲਾਂ ਵੀ ਕਈ ਵਾਰ ਲਿਖ ਚੁੱਕੇ ਹਾਂ ਪਰ ਇਸ ਦਾ ਅਸਰ ਸਮੇਂ- ਸਮੇਂ ਦੀਆਂ ਸਰਕਾਰਾਂ ’ਤੇ ਹੰੁਦਾ ਨਜ਼ਰ ਨਹੀਂ ਆਇਆ। ਬੱਸ ਕੁਝ ਕੂ ਬਿਆਨ (ਸ਼ਾਇਦ ਜ਼ਖ਼ਮਾਂ ਨੂੰ ਤਾਜ਼ਾ ਕਰਨ ਲਈ) ਦੇ ਦਿੱਤੇ ਜਾਂਦੇ ਹਨ।

 

ਪਰ ਇਸ ਸਭ ਦੇ ਦੌਰਾਨ ਇੱਕ ਨਵੀਂ ਤੇ ਪ੍ਰਭਾਵਸ਼ਾਲੀ ਗੱਲ ਜ਼ਰੂਰ ਸਾਹਮਣੇ ਆਈ ਹੈ, ਜਿਸ ਨੇ ਕੁਝ ਆਸ ਦੀ ਕਿਰਨ ਜਗਾਈ ਜ਼ਰੂਰ ਹੈ, ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਕਿ ਇਸ ’ਚ ਕਿੰਨੀ ਕੁ ਸੱਚਾਈ ਹੈ। ਅਸੀਂ ਗੱਲ ਕਰ ਰਹੇ ਹਾਂ ਹਾਲ ਹੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਉਸ ਬਿਆਨ ਦੀ, ਜਿਸ ਵਿੱਚ ਉਨ੍ਹਾਂ ਨੇ ਵਾਅਦਾ ਕੀਤਾ ਕਿ ਜੇਕਰ ਸੂਬੇ ’ਚ ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆਉਦੀ ਹੈ ਤਾਂ ਉਹ ਪੱਤਰਕਾਰਾਂ ਨੂੰ ਫੈਮਿਲੀ ਹੈਲਥ ਇੰਸ਼ੋਰੈਂਸ ਤੇ ਸਨਮਾਨਜਨਕ ਪੈਨਸ਼ਨ ਮੁਹੱਈਆ ਕਰਵਾਏਗੀ। ਜਦਕਿ ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਭਰ ’ਚ ਕੰਮ ਕਰਦੇ ਪੱਤਰਕਾਰਾਂ ਨੂੰ ਖਾਸਕਰ ਛੋਟੇ ਕਸਬਿਆਂ ਅਤੇ ਛੋਟੇ ਸੰਗਠਨਾਂ ਲਈ ਇਹ ਇੰਸ਼ੋਰੈਂਸ ਤੇ ਪੈਨਸ਼ਨ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਮੁਤਾਬਿਕ 2017 ’ਚ ਜੇਕਰ ਕਾਂਗਰਸ ਸਰਕਾਰ ਬਣਾਉਦੀ ਹੈ ਤਾਂ ਉਕਤ ਇੰਸ਼ੋਰੈਂਸ ਤੇ ਪੈਨਸ਼ਨ ਅਖ਼ਬਾਰਾਂ, ਮੈਗਜ਼ੀਨਾਂ, ਨਿਊਜ਼ ਚੈਨਲਾਂ, ਨਿਊਜ਼ ਪੋਰਟਲਾਂ ਲਈ ਮੁਹੱਈਆ ਕਰਵਾਈ ਜਾਵੇਗੀ। ਜਦਕਿ 60 ਸਾਲ ਦੀ ਉਮਰ ਉਪਰੰਤ ਜਿਹੜੇ ਪੱਤਰਕਾਰਾਂ ਦੀ ਸੇਵਾ 20 ਸਾਲ ਦੀ ਹੋ ਚੁੱਕੀ ਹੋਵੇਗੀ ਉਨ੍ਹਾਂ ਲਈ ਯੋਗ ਫੈਮਿਲੀ ਪੈਨਸ਼ਨ ਮੁਹੱਈਆ ਕਰਵਾਈ ਜਾਵੇਗੀ।

 

ਉਨ੍ਹਾਂ ਇੱਕ ਹੋਰ ਅਹਿਮ ਗੱਲ ਇਹ ਵੀ ਕਹੀ ਕਿ ਰਜਿਸਟੇ੍ਰਸ਼ਨ ਤੇ ਐਕਰੀਡੀਏਸ਼ਨ (ਮਾਨਤਾ) ਵੀ ਸੁਖਾਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਪ੍ਰਣਾਲੀ ਬਹੁਤ ਗੈਰਦਿਲਚਸਪ ਹੈ। ਜਦਕਿ ਜਿਆਦਾਤਰ ਪੱਤਰਕਾਰਾਂ ਨੂੰ ਮਾਨਤਾ ਨਹੀਂ ਮਿਲੀ। ਜਿਸ ਕਾਰਨ ਉਨ੍ਹਾਂ ਨੂੰ ਵੱਖ- ਵੱਖ ਸਹੂਲਤਾਂ ਜੋ ਸੂਬਾ/ਕੇਂਦਰ ਸਰਕਾਰ ਮੁਹੱਈਆ ਕਰਵਾਉਦੀ ਹੈ, ਉਹ ਨਹੀਂ ਮਿਲਦੀਆਂ।

 

ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਉਕਤ ਵਾਅਦੇ ’ਤੇ ਵਿਸ਼ਵਾਸ ਕਰੀਏ ਤਾਂ ਇਹ ਇੱਕ ਚੰਗੀ ਪਹਿਲ ਆਖੀ ਜਾ ਸਕਦੀ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਪਹਿਲਾਂ ਵੀ ਸੂਬੇ ਦੀ ਬਾਗਡੋਰ ਰਹਿ ਚੁੱਕੀ ਹੈ ਪਰ ਉਸ ਸਮੇਂ ਇਨ੍ਹਾਂ ਸਹੂਲਤਾਂ ਨੂੰ ਕਿਉ ਨਹੀਂ ਸ਼ੁਰੂ ਕੀਤਾ ਗਿਆ, ਇਹ ਵੀ ਸੋਚਣ ਵਾਲੀ ਗੱਲ ਹੈ। ਪਰ ਚਲੋ... ਦੇਰ ਨਾਲ ਹੀ ਸਹੀ ਪੱਤਰਕਾਰਾਂ ਦੀ ਕਿਸੇ ਇਸ ਕੱਦ ਦੇ ਆਗੂ ਨੂੰ ਯਾਦ ਤਾਂ ਆਈ।

 

ਵੈਸੇ ਤਾਂ ਪੱਤਰਕਾਰਾਂ ਨੂੰ ਇਹ ਸਹੂਲਤਾਂ ਮੌਜੂਦਾ ਸਰਕਾਰ ਹੁਣ ਵੀ ਚਾਹੇ ਤਾਂ ਪ੍ਰਦਾਨ ਕਰ ਸਕਦੀ ਹੈ ਪਰ ਉਨ੍ਹਾਂ ਦੀ ਪੱਤਰਕਾਰਾਂ ਬਾਰੇ ਕੀ ਧਾਰਨਾ ਹੈ ਇਹ ਤਾਂ ਉਹ ਹੀ ਜਾਣਦੇ ਹਨ।

 

ਉਮੀਦ ਹੈ ਕਿ ਪੱਤਰਕਾਰਾਂ ਦੇ ਚੰਗੇ ਦਿਨ ਛੇਤੀ ਹੀ ਆਉਣਗੇ। ਇਸ ਆਸ ਦੇ ਸਹਾਰੇ ਸਮੂਹ ਪੱਤਰਕਾਰ ਭਾਈਚਾਰੇ ਲਈ ਚੰਗੇ ਦਿਨਾਂ ਦੀ ਕਾਮਨਾ ਕਰਦੇ ਹਾਂ।

 

ਸੰਜੀਵ ਮੋਹਨ ਡਾਵਰ

12-FEB-2016

Posted by Sanjeev Dawar on February 12, 2016 at 5:25 AM

ਆਸ ਇੱਕ ਹਲਕੀ ਖੁਰਾਕ ਹੈ, ਪਰ ਹੈ ਬੜੀ ਉਤੇਜਕ। - ਬਾਲਜ਼ਾਕ

 

ੳੂਰਜਾ

 

ਅਸੀਂ ਸਰਕਾਰਾਂ ਦੀਆਂ ਕਮੀਆਂ, ਅਧਿਕਾਰੀਆਂ ਦੀ ਲਾਪਰਵਾਹੀ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਗੱਲ ਤਾਂ ਅਕਸਰ ਕਰਦੇ ਰਹਿੰਦੇ ਹਾਂ। ਪਰ ਅੱਜ ਅਸੀਂ ਲੀਹ ਤੋਂ ਕੁਝ ਹਟ ਕੇ ਗੱਲ ਕਰਨ ਜਾ ਰਹੇ ਹਾਂ ਅਤੇ ਇਹ ਗੱਲ ‘ਕੁਦਰਤ ਤੇ ਮਨੁੱਖ’ ਨਾਲ ਸੰਬੰਧਿਤ ਹੈ। ਜੀ ਹਾਂ... ਅੱਜ ਅਸੀਂ ਉਨ੍ਹਾਂ ਪੰਜ ਤੱਤਾਂ ਦੀ ਗੱਲ ਕਰ ਰਹੇ ਹਾਂ, ਜਿਸ ਤੋਂ ਇਹ ਮਨੁੱਖੀ ਸਰੀਰ ਬਣਿਆ ਹੈ ਤੇ ਜਿਸ ਤੋਂ ਬਿਨਾਂ ਸਿ੍ਰਸ਼ਟੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਇਹ ਤੱਤ ੳੂਰਜਾ ਦੇ ਸਰੋਤ ਵੀ ਹਨ। ਜਦਕਿ ਅਸੀਂ ਸਕਰਾਤਮਕ (ਪੋਜ਼ਿਟਿਵ;) ਤੇ ਨਕਰਾਤਮਕ (ਨੈਗੇਟਿਵ;) ਊਰਜਾ ਬਾਰੇ ਵੀ ਦੱਸਾਂਗੇ। ਜੋ ਵੱਖ-ਵੱਖ ਇਨਸਾਨ ’ਚ ਵੱਖ- ਵੱਖ ਹੁੰਦੀ ਹੈ।

 

ਮੰਨਿਆ ਜਾਂਦਾ ਹੈ ਕਿ ਧਰਤੀ ਦੀ ਹੋਂਦ ਵੀ ਊਰਜਾ ਨਾਲ ਸੰਬੰਧਿਤ ਹੈ ਤੇ ਊਰਜਾ ਨਾਲ ਹੀ ਧਰਤੀ ’ਤੇ ਜੀਵਨ ਸ਼ੁਰੂ ਹੋਇਆ। ਪਰਮਾਤਮਾ ਨੇ ਪਾਣੀ, ਆਕਾਸ਼, ਧਰਤੀ, ਅਗਨੀ ਤੇ ਹਵਾ ਰੂਪੀ 5 ਤੱਤ ਦਿੱਤੇ ਹਨ, ਇਨ੍ਹਾਂ ਪੰਜ ਤੱਤਾਂ ਤੋਂ ਵੱਖ- ਵੱਖ ਰੂਪਾਂ ’ਚ ਉਰਜਾ ਹਾਸਿਲ ਕੀਤੀ ਜਾ ਸਕਦੀ ਹੈ, ਬਲਕਿ ਕੀਤੀ ਜਾ ਰਹੀ ਹੈ।

 

ਇਨ੍ਹਾਂ ਪੰਜਾਂ ਤੱਤਾਂ ਵਿੱਚ ਜੀਵਨਦਾਈ ਊਰਜਾ ਵੀ ਸ਼ਾਮਿਲ ਹੈ, ਜਿਸ ਨਾਲ ਹੀ ਜੀਵ ਵਿੱਚ ਪ੍ਰਾਣਾਂ ਦਾ ਸੰਚਾਰ ਹੁੰਦਾ ਦੱਸਿਆ ਜਾਂਦਾ ਹੈ। ਇਨ੍ਹਾਂ ਪੰਜਾਂ ਤੱਤਾਂ ’ਚ ਬੇਸ਼ੁਮਾਰ ਊਰਜਾ ਸਮੋਈ ਹੋਈ ਹੈ, ਪਰ ਅੱਜ ਦਾ ਇਨਸਾਨ ਕਈ ਵਾਰ ਅਗਿਆਨਤਾਵੱਸ ਇਹ ਸਮਝ ਲੈਂਦਾ ਹੈ ਕਿ ਧਰਤੀ ਹੇਠਾਂ ਜੋ ਕੋਲਾ ਜਾਂ ਪੈਟਰੋਲੀਅਮ ਪਦਾਰਥ ਹਨ, ਇਹ ਹੀ ਊਰਜਾ ਦੇ ਸਰੋਤ ਹਨ। ਜਦਕਿ ਸਾਡੇ ਸਾਹਮਣੇ ਇੱਕ ਜੀਉਂਦੀ ਜਾਗਦੀ ਉਦਾਹਰਨ ਮੌਜੂਦ ਹੈ, ਜੋ ਉਕਤ ਧਾਰਨਾ ਨੂੰ ਗਲਤ ਸਾਬਿਤ ਕਰਦੀ ਹੈ। ਧਰਤੀ ਵਿਚਲੇ ਪੌਸ਼ਟਿਕ ਤੱਤ ਉਹ ਊਰਜਾ ਹਨ ਜੋ ਨਾ ਸਿਰਫ਼ ਪੇੜ ਪੌਦਿਆਂ ’ਚ ਬਲਕਿ ਧਰਤੀ ’ਤੇ ਵਸਦੇ ਪ੍ਰਾਣੀਆਂ ’ਚ ਵੀ ਜਾਨ ਫੂਕ ਰਹੇ ਹਨ। ਕੋਲੇ, ਪੈਟਰੋਲੀਅਮ ਪਦਾਰਥਾਂ ਆਦਿ ਦੀ ਵਰਤੋਂ ਤਾਂ ਅਸੀਂ ਤਕਨੀਕ ਦੇ ਵਿਕਾਸ ਸਦਕਾ ਕਰਨੀ ਸਿੱਖੀ ਪਰ ਧਰਤੀ ’ਤੇ ਮੌਜੂਦ ਮਿੱਟੀ ਅਤੇ ਪਾਣੀ ਦੀ ਜੀਵਨਦਾਇਕ ਊਰਜਾ ਦਾ ਫਾਇਦਾ ਤਾਂ ਅਸੀਂ (ਇਨਸਾਨ;) ਬਹੁਤ ਪੁਰਾਤਨਕਾਲ ਤੋਂ ਲੈਂਦੇ ਆ ਰਹੇ ਹਾਂ। ਕੋਈ ਵੀ ਸ਼ਾਇਦ ਇਸ ਸੱਚਾਈ ਤੋਂ ਅਣਜਾਣ ਨਹੀਂ ਹੋਵੇਗਾ ਕਿ ਇਨਸਾਨ 5 ਤੱਤਾਂ (ਧਰਤੀ, ਆਕਾਸ਼, ਪਾਣੀ, ਅਗਨੀ ਤੇ ਹਵਾ;) ਤੋਂ ਬਣਿਆ ਹੈ ਅਤੇ ਫਿਰ ਉਸ ਨੇ ਇਨ੍ਹਾਂ 5 ਤੱਤਾਂ ’ਚ ਹੀ ਮਿਲ ਜਾਣਾ ਹੈ। ਜਦਕਿ ਜੀਵਨ ਦੌਰਾਨ ਉਹ ਇਨ੍ਹਾਂ ਪੰਜ ਤੱਤਾਂ ਸਦਕਾ ਹੀ ਵੱਧਦਾ- ਫੁੱਲਦਾ ਹੈ। ਅੱਜ ਇਨਸਾਨ ਨੇ ਵਿਕਾਸ ਕਰ ਲਿਆ ਹੈ ਤੇ ਜਿੱਥੇ ਉਹ ਖੁਦ ਉਕਤ ਪੰਜ ਤੱਤਾਂ ਨਾਲ ਵੱਧ- ਫੁੱਲ ਰਿਹਾ ਹੈ, ਉੱਥੇ ਹੀ ਉਸਨੇ ਇਨ੍ਹਾਂ 5 ਤੱਤਾਂ ਤੋਂ ਕਈ ਕੁਝ ਹੋਰ ਵੀ ਹਾਸਿਲ ਕੀਤਾ ਹੈ। ਸਿੱਟੇ ਵੱਜੋਂ ਅੱਜ ਅਸੀਂ ਬਿਜਲੀ ਅਤੇ ਹੋਰ ਕਈ ਤਰ੍ਹਾਂ ਦੀ ਊਰਜਾ/ਐਨਰਜੀ ਪ੍ਰਾਪਤ ਕਰ ਲਈ ਹੈ, ਜਿਸ ਸਦਕਾ ਸੰਸਾਰ ਵਿੱਚ ਬਹੁਤ ਹੀ ਆਧੁਨਿਕ ਸਹੂਲਤਾਂ ਨੂੰ ਗਤੀ ਮਿਲ ਰਹੀ ਹੈ।

 

ਇੱਥੇ ਇਕ ਹੋਰ ਅਹਿਮ ਗੱਲ ਕਰਨੀ ਬਣਦੀ ਹੈ ਕਿ ਅੱਜ ਅਸੀਂ ਆਪਣੇ ਆਪ ਨੂੰ ਪਿਛਲੇ ਸਮਿਆ ਤੋਂ ਜ਼ਿਆਦਾ ਆਧੁਨਿਕ ਸਮਝ ਰਹੇ ਹਾਂ ਜਦਕਿ ਪਹਿਲੇ ਸਮਿਆਂ ਵਿੱਚ ਤਕਨੀਕ ਅੱਜ ਤੋਂ ਜਿਆਦਾ ਅੱਗੇ ਸੀ, ਬੱਸ ਉਸ ਦਾ ਰੂਪ ਕੁਝ ਹੋਰ ਸੀ। ਉਦਾਹਰਨ ਵਜੋਂ ਰਾਮਾਇਣ ਕਾਲ ਸਮੇਂ ਬ੍ਰਹਮ ਅਸਤਰ, ਪੁਸ਼ਪਕ ਵਿਮਾਨ ਅਤੇ ਹੋਰ ਅਜਿਹੀਆਂ ਕਈ ਉਪਲਬਧੀਆਂ ਸਨ ਜੋ ਕਿ ਆਪਣੇ ਹੀ ਤਰ੍ਹਾਂ ਦੀ ਅਧਿਆਤਮਿਕ ਢੰਗ ਨਾਲ ਪ੍ਰਾਪਤ ਕੀਤੀ ਤਕਨੀਕ ਸੀ ਜੋ ਕਿ ਕਿਸੇ ਨਾ ਕਿਸੇ ਰੂਪ ਦਾ ਊਰਜਾ ਦੀ ਹੀ ਵਰਤੋਂ ਦਾ ਨਤੀਜਾ ਕਿਹਾ ਜਾ ਸਕਦਾ ਹੈ। ਭਾਵ ਕਿ ਉਸ ਸਮੇਂ ਵੀ ਊਰਜਾ ਰਾਹੀਂ ਬਹੁਤ ਵਿਕਾਸ ਹੋਇਆ ਸੀ। ਪਰ ਉਸ ਦੇ ਰੂਪ ਹੋਰ ਸਨ ਤੇ ਅੱਜ ਹੋਰ ਹਨ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਊਰਜਾ ਕਦੇ ਵੀ ਖਤਮ ਨਹੀਂ ਹੋਈ, ਬਸ ਉਸ ਦੇ ਰੂਪ ਬਦਲਦੇ ਗਏ। ਭਾਵ ਕਿ ਊਰਜਾ ਦਾ ਇੱਕ ਸਰੋਤ ਬੰਦ ਹੁੰਦਾ ਹੈ ਤਾਂ ਦੂਸਰਾ ਸ਼ੁਰੂ ਹੋ ਜਾਂਦਾ ਹੈ। ਹਾਂ... ਪਰ ਜੇਕਰ ਅਸੀਂ ਕੁਦਰਤ ਦੇ ਇਨ੍ਹਾਂ ਸਰੋਤਾਂ ਨਾਲ ਖਿਲਵਾੜ ਕਰਾਂਗੇ ਜਾਂ ਇਨ੍ਹਾਂ ਦੀ ਦੁਰਵਰਤੋਂ ਕਰਾਂਗੇ ਤਾਂ ਇਸ ਦਾ ਖ਼ਮਿਆਜਾ ਸਾਨੂੰ ਭੁਗਤਣਾ ਪਵੇਗਾ। ਜਿਵੇਂ ਕਿ ਪਿਛਲੇ ਕੁਝ ਸਾਲਾਂ ਤੋਂ ਜੋ ਮੌਸਮ (ਰਿਤੂਆਂ;) ਦਾ ਚੱਕਰ ਬਦਲ ਰਿਹਾ ਹੈ, ਉਹ ਕੁਦਰਤ ਨਾਲ ਖਿਲਵਾੜ ਦਾ ਹੀ ਨਤੀਜਾ ਹੋ ਸਕਦਾ ਹੈ।

 

ਇਹ ਤਾਂ ਗੱਲ ਸੀ ਊਰਜਾ, ਊਰਜਾ ਦੇ ਸਰੋਤਾਂ ਤੇ 5 ਤੱਤਾਂ ਦੀ, ਪਰ ਇਸ ਦੇ ਨਾਲ ਹੀ ਨਾਲ ਜੋ ਇੱਕ ਅਹਿਮ ਸੰਦੇਸ਼ ਜੋ ਅਸੀਂ ਇਸ ਲੇਖ ਰਾਹੀਂ ਦੇਣਾ ਚਾਹੁੰਦੇ ਹਾਂ, ਉਹ ਹੈ ਸਕਾਰਾਤਮਕ ਊਰਜਾ ਅਪਨਾਉਣਾ ਤੇ ਨਕਾਰਾਤਮਕ ਊਰਜਾ ਨੂੰ ਤਿਆਗਣਾ। ਇਨਸਾਨ ’ਚ ਸਕਾਰਾਤਮਕ ਤੇ ਨਕਾਰਾਤਮਕ (ਪੋਜ਼ਿਟਿਵ ਤੇ ਨੈਗੇਟਿਵ;) ਦੋਵੇਂ ਤਰ੍ਹਾਂ ਦੀ ਊਰਜਾ ਹੁੰਦੀ ਹੈ। ਲੋੜ ਹੈ ਹਰ ਸਮੇਂ ਪੋਜ਼ੀਟਿਵ/ਸਕਰਾਤਮਕ ਊਰਜਾ ਦਾ ਪ੍ਰਸਾਰ ਕਰਨ ਦੀ। ਇਸ ਨਾਲ ਆਸ਼ਾਵਾਦਿਤਾ ’ਚ ਵਾਧਾ ਹੁੰਦਾ ਹੈ ਤੇ ਨਿਰਾਸ਼ਾਵਾਦੀ ਵਿਚਾਰ ਦੂਰ ਹੁੰਦੇ ਹਨ। ਇਸ ਨਾਲ ਇਨਸਾਨ ਤਬਾਹੀ ਦੀ ਜਗ੍ਹਾ ਤਰੱਕੀ ਬਾਰੇ ਸੋਚਦਾ ਹੈ। ਉਦਾਹਰਨ ਵਜੋਂ ਜੇਕਰ ਤੁਹਾਡਾ ਕੋਈ ਪਰਿਵਾਰਕ ਮੈਂਬਰ ਘਰ ਨਹੀਂ ਪਹੁੰਚਿਆ ਤਾਂ ਉਸ ਬਾਰੇ ਮਾੜੇ ਵਿਚਾਰ ਮਨ ’ਚ ਲਿਆਉਣ ਦੀ ਬਜਾਏ ਇਹ ਸੋਚੋ ਕਿ ਉਸ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਹੋਵੇਗਾ। ਇਸ ਤਰ੍ਹਾਂ ਹੀ ਸਰਬੱਤ ਦੇ ਭਲੇ ਦੀ ਸੋਚ ਦੇ ਧਾਰਨੀ ਬਣੋ ਤਾਂ ਸਕਾਰਾਤਮਕ ਊਰਜਾ ਦਾ ਪਸਾਰਾ ਯਕੀਨਨ ਹੋਵੇਗਾ। ਅੰਤ ਵਿੱਚ ਇਹ ਹੀ ਕਿਹਾ ਕਿ ਸਕਦਾ ਹੈ ਕਿ ਜੋ ਵਿਅਕਤੀ ਆਪਣੀ ਊਰਜਾ ਦੀ ਤਾਕਤ ਨੂੰ ਸਮਝ ਲੈਂਦਾ ਹੈ, ਉਹ ਇਸ ਸੰਸਾਰ ’ਚ ਖੁਦ ਤਾਂ ਕਾਮਯਾਬ ਹੁੰਦਾ ਹੀ ਹੈ, ਬਲਕਿ ਪੂਰੇ ਸਮਾਜ ਨੂੰ ਵੀ ਕੁਝ ਉਸਾਰੂ ਦੇਣ ਦੇ ਜਾਂਦਾ ਹੈ।

 

ਸੰਜੀਵ ਮੋਹਨ ਡਾਵਰ

22-JAN-2016

Posted by Sanjeev Dawar on January 22, 2016 at 2:50 AM

ਗੁਣਾਂ ਨਾਲ ਹੀ ਮਨੁੱਖ ਮਹਾਨ ਹੁੰਦਾ ਹੈ, ਉੱਚੇ ਆਸਨ ’ਤੇ ਬੈਠਣ ਨਾਲ ਨਹੀਂ। - ਚਾਣਕਿਆ

 

ਹੋਰ ਪਛਤਾਉਣਾ ਨਾ ਪਵੇ...

 

ਇਸ ਸਮੇਂ ਪੰਜਾਬ ਵਿੱਚ 2017 ’ਚ ਹੋਣ ਵਾਲੀਆਂ ਭਾਵੀ ਚੋਣਾਂ ਲਈ ਲਗਭਗ ਹਰ ਇੱਕ ਸਿਆਸੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਜਦਕਿ ਅਕਾਲੀ- ਭਾਜਪਾ ਗਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ;) ਦੇ ਲੀਡਰ ਤਾਂ ਪੂਰੀ ਤਰ੍ਹਾਂ ਭਖੇ ਹੋਏ ਜਾਪਦੇ ਹਨ, ਜਿਸ ਦਾ ਕੁਝ ਅੰਸ਼ ਮਾਘੀ ਮੇਲੇ ਦੌਰਾਨ ਵੀ ਸਿਆਸੀ ਲੀਡਰਾਂ ਦੇ ਬਿਆਨਾਂ ਦੌਰਾਨ ਦੇਖਣ/ਸੁਨਣ ਨੂੰ ਮਿਲਿਆ। ਖ਼ਬਰਾਂ ਦੇ ਮੁਤਾਬਿਕ ਜਿੱਥੇ ਅਕਾਲੀ ਦਲ ਵਾਲੇ ‘ਆਪ’ ਨੂੰ ਭਗੌੜਿਆਂ ਤੇ ਛੁਰਲੀਬਾਜ਼ ਦਾ ਟੋਲਾ ਦੱਸ ਰਹੇ ਹਨ, ਉੱਥੇ ਹੀ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਅਕਾਲੀ- ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬਾ ਕੰਗਾਲ ਹੋਇਆ ਹੈ। ਜਦਕਿ ‘ਆਪ’ ਆਗੂਆਂ ਦਾ ਕਹਿਣਾ ਹੈ ਕਿ ਸੱਤਾ ’ਚ ਆਉਣ ’ਤੇ ਉਹ ਅਕਾਲੀ- ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜਾਂਚ ਕਮਿਸ਼ਨ ਬਣਾਉਣਗੇ।

 

ਇਨ੍ਹਾਂ ਆਗੂਆਂ ਦੀ ਤੂਤੀ ਨੂੰ ਜਿਹੜਾ ਸੁਣਦਾ ਹੈ, ਉਸ ਨੂੰ ਉਹੀ ਪਾਰਟੀ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਜਿਸ ਵੱਲ ਉਸ ਦਾ ਝੁਕਾਅ ਹੁੰਦਾ ਹੈ। ਕੁਝ ਲੋਕਾਂ ਦਾ ਝੁਕਾਅ ਕਈ ਵਾਰ ਇਸ ਲਈ ਕਿਸੇ ਪਾਰਟੀ ਵਿਸ਼ੇਸ਼ ਵੱਲ ਹੋ ਜਾਂਦਾ ਹੈ ਕਿਉਕਿ ਕਈ ਵਾਰ ਉਨ੍ਹਾਂ ਨੂੰ ਧਰਮ ਦੇ ਨਾਮ ’ਤੇ ਸੰਬੰਧਿਤ ਪਾਰਟੀਆਂ ਦੇ ਆਗੂ ਆਪਣੇ ਵੱਲ ਆਕਰਸ਼ਿਤ ਕਰਨ ’ਚ ਕਾਮਯਾਬ ਹੋ ਜਾਂਦੇ ਹਨ। ਜਦਕਿ ਕਈਆਂ ਦਾ ਝੁਕਾਅ ਕਿਸੇ ਹੋਰ ਪਾਰਟੀ ਵੱਲ ਕੲਂ ਵਾਰ ਇਸ ਲਈ ਹੋ ਜਾਂਦਾ ਹੈ ਕਿਉਕਿ ਸੰਬੰਧਿਤ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਉਹਨਾਂ ਦੇ ਪਿਛੋਕੜ ਦਾ ਵਾਸਤਾ ਦਿੰਦੇ ਹਨ ਕਿ ਇੰਨੇ ਦਹਾਕਿਆਂ ਤੋਂ ਤੁਹਾਡੇ ਪਰਿਵਾਰ ਪਾਰਟੀ ਨਾਲ ਜੁੜੇ ਹੋਏ ਹਨ। ਇਸ ਤੋਂ ਵੀ ਅੱਗੇ ਦੀ ਗੱਲ ਕਰੀਏ ਤਾਂ ਕਈ ਆਗੂ ਲੋਕਾਂ ਦੀ ਦੁਖਦੀ ਰਗ ਨੂੰ ਪਛਾਣ ਕੇ ਕਈ ਵਾਰ ਉਸ ਦਾ ਲਾਹਾ ਲੈਂਦੇ ਹੋਏ ਅਕਸਰ ਉਨ੍ਹਾਂ ਨੂੰ ਆਪਣੇ ਫਾਇਦੇ ਲਈ ਵਰਤ ਲੈਂਦੇ ਹਨ।

 

ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕੋਈ ਵਿਰਲਾ ਹੀ ਅਜਿਹਾ ਆਗੂ ਹੋਵੇਗਾ ਜੋ ਸਿਆਸਤ ਵਿੱਚ ਇਸ ਲਈ ਕਦਮ ਰੱਖਦਾ ਹੈ ਕਿਉਕਿ ਉਸ ਅੰਦਰ ਲੋਕਾਂ ਦੀ ਸੇਵਾ ਦਾ ਜਜ਼ਬਾ ਹੁੰਦਾ ਹੈ। ਅਸੀਂ ਕੁਝ ਦਹਾਕੇ ਪਿੱਛੇ ਨਜ਼ਰ ਦੌੜਾਈਏ ਜਾਂ ਆਪਣੇ ਬਜ਼ੁਰਗਾ ਤੋਂ ਪੁੱਛੀਏ ਤਾਂ ਪਤਾ ਲੱਗਦਾ ਹੈ ਕਿ ਉਸ ਸਮੇਂ ਸਿਆਸਤ ਵਿੱਚ ਜੋ ਲੋਕ ਆਉਦੇ ਸਨ (ਭਾਵੇਂ ਉਹ ਸੱਤਾ ਵਿੱਚ ਵੀ ਰਹਿੰਦੇ ਸਨ;), ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਕਈ ਵਾਰ ਵਿੱਕ ਜਾਂਦੀਆਂ ਸਨ, ਭਾਵ ਕਿ ਉਹ ਲੋਕਾਂ ਦੀ ਸੇਵਾ ਲਈ ਅਕਸਰ ਆਪਣਾ ਪੱਲਾ ਵੀ ਨਿਛਾਵਰ ਕਰ ਦਿੰਦੇ ਸਨ। ਪਰ ਅੱਜ ਕੱਲ੍ਹ ਦੇ ਜਿਆਦਾਤਰ ਲੀਡਰ ਪਹਿਲਾਂ ਆਪਣੀ ਸੇਵਾ ਬਾਰੇ ਸੋਚਦੇ ਹਨ ਤੇ ਫਿਰ ਜਨਤਾ ਦੀ ਸੇਵਾ (ਉਹ ਵੀ ਸ਼ਾਇਦ ਨਾਂਅ ਦੀ ਹੀ;) ਬਾਰੇ ਗੱਲ ਕਰਦੇ ਹਨ। ‘‘ਹਾਥ ਕੰਗਨ ਕੋ ਆਰਸੀ ਕਿਆ - ਪੜ੍ਹੇ ਲਿਖੇ ਕੋ ਫਾਰਸੀ ਕਿਆ’’ ਦੀ ਕਹਾਵਤ ਮੁਤਾਬਿਕ ਅੱਜ ਕੱਲ੍ਹ ਦੇ ਲੀਡਰਾਂ ਦੀਆਂ ਜ਼ਮੀਨਾਂ- ਜਾਇਦਾਦਾਂ ਜਾਂ ਕਾਰੋਬਾਰਾਂ ਵੱਲ ਨਜ਼ਰ ਮਾਰ ਕੇ ਦੇਖ ਲਵੋ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਉਹ ਕਿੰਨੀ ਜਾਇਦਾਦ ਦੇ ਮਾਲਿਕ ਸਨ ਤੇ ਬਾਅਦ ’ਚ ਉਹ ਫਰਸ਼ ਤੋਂ ਅਰਸ਼ ’ਤੇ ਕਿੰਨੀ ਜਲਦੀ ਪਹੁੰਚ ਗਏ। ਜਿਆਦਾਤਰ ਮਾਮਲਿਆਂ ’ਚ ਲੋਕਾਂ ਦਾ ਖੂਨ ਚੂਸ ਕੇ ਹੀ ਅਜਿਹੀਆਂ ਜੋਕਾਂ ਤਗੜ੍ਹੀਆਂ ਹੋਈਆਂ ਹਨ। ਦਿਖਾਵੇ ਲਈ ਭਾਵੇਂ ਜਾਇਦਾਦ ਦੇ ਵੇਰਵੇ ਘੱਟ ਦਰਸਾਏ ਜਾਂਦੇ ਹਨ ਪਰ ਲੋਕਾਂ ਕੋਲੋਂ ਅਸਲ ਤੱਥ ਬਹੁਤੀ ਦੇਰ ਲੁਕੇ- ਛਿਪੇ ਨਹੀਂ ਰਹਿੰਦੇ।

 

ਉਕਤ ਤੱਥ ਸਾਂਝੇ ਕਰਨ ਤੋਂ ਸਾਡਾ ਭਾਵ ਕਿਸੇ ’ਤੇ ਤੋਹਮਤ ਲਗਾਉਣਾ ਨਹੀਂ ਬਲਕਿ ਇਸ ਗੱਲ ਤੋਂ ਹੈ ਕਿ ਲੋਕ ਅਜਿਹੇ ਮਤਲਬਪ੍ਰਸਤ ਆਗੂਆਂ ਦੀਆਂ ਗੱਲਾਂ ’ਚ ਆਉਣ ਦੀ ਬਜਾਏ ਸਿਹਤਮੰਦ ਸੋਚ ਅਪਨਾਉਦੇ ਹੋਏ ਇਹ ਫੈਸਲਾ ਲੈਣ ਕਿ ਕੌਣ ਅਸਲ ’ਚ ਲੋਕ ਹਿੱਤਾਂ ਦੀ ਗੱਲ ਕਰ ਰਿਹਾ ਹੈ। ਜੇਕਰ ਆਜ਼ਾਦ ਲੋਕਤੰਤਰ ਦੇ ਕਰੀਬ 68 ਵਰ੍ਹੇ ਬੀਤ ਜਾਣ ਉਪਰੰਤ ਵੀ ਅਸੀਂ ਅਜਿਹੀਆਂ ਜੋਕਾਂ ਜਾਂ ਕਾਲੀਆਂ ਭੇਡਾਂ ਦੀ ਪਛਾਣ ਕਰਨ ’ਚ ਧੋਖਾ ਖਾ ਰਹੇ ਹਾਂ ਤਾਂ ਇਹ ਸਾਡੀ (ਆਮ ਲੋਕਾਂ ਦੀ;) ਹੀ ਨਾਸਮਝੀ ਕਹੀ ਜਾ ਸਕਦੀ ਹੈ।

 

ਅਸੀਂ ਛੋਟੇ ਹੁੰਦੇ ਜ਼ਰੂਰ ਇੱਕ ਕਹਾਣੀ ਸੁਣੀ ਹੋਵੇਗੀ, ਜਿਸ ਵਿੱਚ ਇੱਕ ਗਿਆਨੀ ਵਿਅਕਤੀ ਤੋਤਿਆਂ ਨੂੰ ਸ਼ਿਕਾਰੀਆਂ ਤੋਂ ਬਚਾਉਣ ਦਾ ਇੱਕ ਗੁਰ ਦੱਸਦੇ ਹੋਏ ਕਹਿੰਦੇ ਹਨ ‘‘ਸ਼ਿਕਾਰੀ ਆਏਗਾ, ਜਾਲ ਬਿਛਾਏਗਾ, ਦਾਣਾ ਡਾਲੇਗਾ ਪਰ.... ਜਾਲ ਮੇਂ ਫਸਨਾ ਨਹੀਂ’’ ਜਦਕਿ ਰੰਟਤ ਤੋਤੇ ਉਕਤ ਗੁਰ ਦਾ ਸਿਰਫ਼ ਰੱਟਾ ਹੀ ਲਗਾਉਦੇ ਹਨ ਪਰ ਉਸ ’ਤੇ ਅਮਲ ਨਹੀਂ ਕਰਦੇ। ਸਿੱਟੇ ਵਜੋਂ ਉਹ ਫਿਰ ਸ਼ਿਕਾਰੀ ਦੇ ਜਾਲ ’ਚ ਫਸ ਜਾਂਦੇ ਹਨ। ਅਸੀਂ ਵੀ ਇਹ ਹੀ ਸਮਝਾਉਣਾ ਚਾਹੁੰਦੇ ਹਾਂ ਕਿ ਅਸੀਂ ਤੋਤੇ ਰੰਟਤ ਰਾਮ ਨਾ ਬਣਦੇ ਹੋਏ ਸ਼ਿਕਾਰੀਆਂ ਦੇ ਸੁੱਟੇ ਦਾਣਿਆਂ ਤੋਂ ਬਚੀਏ ਤੇ ਜਾਲ ’ਚ ਨਾ ਫਸੀਏ, ਬਲਕਿ ਆਪਣੇ ਦਿਮਾਗ/ਵਿਵੇਕ ਦੀ ਵਰਤੋਂ ਕਰਦੇ ਹੋਏ 2017 ਦੀਆਂ ਭਾਵੀ ਚੋਣਾਂ ਵਿੱਚ ਲੋਕ ਹਿਤੈਸ਼ੀ ਨੁਮਾਇੰਦਿਆਂ ਨੂੰ ਮੌਕਾ ਦਈਏ ਤਾਂ ਜੋ ਹੋਰ ਪੰਜ ਸਾਲ ਸਾਨੂੰ ਪਛਤਾਉਣਾ ਨਾ ਪਵੇ।

 

ਸੰਜੀਵ ਮੋਹਨ ਡਾਵਰ

15-JAN-2016

Posted by Sanjeev Dawar on January 15, 2016 at 1:25 AM

ਠੀਕ ਕਦਮ ਚੱੁਕਣ ਨਾਲ ਹੀ ਸਫ਼ਲਤਾ ਮਿਲਦੀ ਹੈ। - ਐਮਰਸਨ

 

ਸੜਕ ਸੁਰੱਖਿਆ

 

ਦੇਸ਼ ਭਰ ਵਿੱਚ ਸੜਕੀ ਆਵਾਜਾਈ ਅਤੇ ਰਾਜ ਮੰਤਰਾਲੇ ਵੱਲੋਂ 11 ਜਨਵਰੀ ਤੋਂ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ, ਤਾਂ ਜੋ ਆਮ ਜਨਤਾ ਵਿੱਚ ਸੁਰੱਖਿਆ ਸੰਬੰਧੀ ਸੁਧਾਰ ਕਰਨ ਲਈ ਜਾਗਰੂਕਤਾ ਫੈਲਾਈ ਜਾ ਸਕੇ ਅਤੇ ਸੁਰੱਖਿਆ ਵਿੱਚ ਸਭ ਨੂੰ ਆਪਣਾ ਹਿੱਸਾ ਪਾਉਣ ਦਾ ਮੌਕਾ ਦਿੱਤਾ ਜਾ ਸਕੇ।

 

ਬੇਸ਼ੱਕ ਸਰਕਾਰ ਦਾ ਉਕਤ ਉਪਰਾਲਾ ਸ਼ਲਾਘਾਯੋਗ ਹੈ ਤੇ ਯਕੀਨਨ ਕੁਝ ਨਾ ਕੁਝ ਅਸਰ ਜ਼ਰੂਰ ਛੱਡ ਜਾਵੇਗਾ। ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰਾਂ ਤੇ ਹੋਰ ਸੰਸਥਾਵਾਂ ਵੱਲੋਂ ਬਾਰ- ਬਾਰ ਕੀਤੇ ਜਾਂਦੇ ਉਪਰਾਲਿਆਂ ਤੇ ਕਾਨੂੰਨਾਂ/ਨਿਯਮਾਂ ਦੀ ਹੋਂਦ ਦੇ ਬਾਵਜੂਦ ਸਾਡੇ ਦੇਸ਼ ਵਿੱਚ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਅੱਜ ਵੀ ਬਹੁਤ ਜ਼ਿਆਦਾ ਹੈ। ਸਰਕਾਰ ਪੱਖੀ ਸੰਸਥਾਵਾਂ ਦੇ ਹੀ ਅੰਕੜਿਆਂ ਦੀ ਮੰਨੀਏ ਤਾਂ ਹਰ ਸਾਲ ਕਰੀਬ 14 ਲੱਖ ਵਿਅਕਤੀਆਂ ਦੀ ਸੜਕ ਹਾਦਸਿਆਂ ਵਿੱਚ ਮੌਤ ਹੋ ਰਹੀ ਹੈ, ਜਦੋਂਕਿ ਜ਼ਿੰਦਗੀ ਭਰ ਲਈ ਅਪਾਹਜ ਹੋਣ ਵਾਲੇ ਜ਼ਖ਼ਮੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਇਨ੍ਹਾਂ ਵਿੱਚ 33 ਫੀਸਦੀ ਨੌਜਵਾਨ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਉਮਰ 15 ਤੋਂ 24 ਸਾਲ ਦੇ ਵਿਚਕਾਰ ਹੁੰਦੀ ਹੈ।

 

ਆਓ! ਹੁਣ ਗੱਲ ਕਰਦੇ ਹਾਂ ਸਰਕਾਰੀ ਉਪਰਾਲਿਆਂ ਦੀ ਅਤੇ ਕਮੀਆਂ ਦੀ ਵੀ। ਜਿਵੇਂ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਸਰਕਾਰ ਦੇ ਉਕਤ ਉਪਰਾਲੇ ਸ਼ਲਾਘਾਯੋਗ ਹਨ ਪਰ ਨਾਲ ਹੀ ਨਾਲ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਿਰਫ਼ ਅਜਿਹੇ ਚੰਦ ਕੁ ਉਪਰਾਲੇ ਇਸ ਸਮੱਸਿਆ ਦਾ ਹੱਲ ਨਹੀਂ ਸਾਬਿਤ ਹੋ ਰਹੇ। ਇਸ ਦੇ ਲਈ ਹੋਰ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਕਦੀ ਕਾਨੂੰਨਾਂ/ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਭਾਰੀ ਭਰਕਮ ਜੁਰਮਾਨੇ ਦੇ ਪ੍ਰਾਵਧਾਨਾਂ ਬਾਰੇ ਗੱਲ ਕੀਤੀ ਗਈ, ਕਦੇ ਕਈ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾ ਵੀ ਚਲਾਈਆਂ ਗਈਆਂ ਅਤੇ ਹੋਰ ਵੀ ਬਹੁਤ ਕੁਝ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ। ਪਰ ਇਸ ਸਭ ਦੇ ਬਾਵਜੂਦ ਉਹ ਸਫ਼ਲਤਾ ਮਿਲਦੀ ਨਜ਼ਰ ਨਹੀਂ ਆ ਰਹੀ ਜਿਸ ਦੀ ਆਸ ਕੀਤੀ ਜਾਣੀ ਬਣਦੀ ਹੈ।

 

ਅਸੀਂ ਲਗਭਗ ਸਾਰੇ ਹੀ ਜਾਣਦੇ ਹੋਵਾਂਗੇ ਕਿ ਸਰਕਾਰ ਦੀਆਂ ਅਜਿਹੀਆਂ ਮੁਹਿੰਮਾਂ ਬਹੁਤ ਅਸਰਦਾਰ ਕਿਉ ਨਹੀਂ ਸਾਬਿਤ ਹੁੰਦੀਆ। ਜੀ ਹਾਂ! ਇਸ ਦੇ ਪਿੱਛੇ ਇੱਕ ਮੁੱਖ ਕਾਰਣ ਇਹ ਹੈ ਕਿ ਜਿਸ ਜੋਰ- ਸ਼ੋਰ ਨਾਲ ਅਜਿਹੀਆਂ ਮੁਹਿੰਮਾਂ/ਜਾਗਰੂਕਤਾ ਹਫ਼ਤੇ ਸ਼ੁਰੂ ਕੀਤੇ ਜਾਂਦੇ ਹਨ, ਉਸ ਉਤਸ਼ਾਹ ਨਾਲ ਇਹ ਹੇਠਲੇ ਪੱਧਰ ’ਤੇ ਲਾਗੂ ਨਹੀਂ ਹੁੰਦੇ। ਖਾਨਾਪੂਰਤੀ ਜ਼ਰੂਰ ਕੀਤੀ ਜਾਂਦੀ ਹੈ, ਖ਼ਬਰਾਂ ’ਚ ਵੀ ਇਹ ਮੁਹਿੰਮਾਂ ਨਜ਼ਰ ਆਉਦੀਆਂ ਹਨ, ਤਾਂ ਜੋ ਉੱਪਰਲਿਆਂ ਨੂੰ ਦੱਸਿਆ ਜਾ ਸਕੇ ਕਿ ਉਨ੍ਹਾਂ ਨੇ ਹੁਕਮਾਂ ਨੂੰ ਵਜਾਇਆ ਗਿਆ ਹੈ ਤੇ ਸ਼ਾਇਦ ਉੱਪਰਲੇ ਵੀ ਇਸ ਤੋਂ ਸੰਤੁਸ਼ਟ ਹੋ ਜਾਂਦੇ ਹਨ ਕਿ ਉਹਨਾਂ ਦੀਆਂ ਮੁਹਿੰਮਾਂ ਨੇ ਬਹੁਤ ਜਾਗਰੂਕਤਾ ਲੈ ਆਂਦੀ ਹੈ। ਪਰ ਅਕਸਰ ਦੇਖਣ/ਸੁਣਨ ’ਚ ਆਉਦਾ ਹੈ ਕਿ ਅਜਿਹੇ ਹਾਦਸਿਆਂ ’ਚ ਹੋਣ ਵਾਲੇ ਨੁਕਸਾਨ ’ਚ ਵਾਧਾ ਹੁੰਦਾ ਜਾ ਰਿਹਾ ਹੈ। ਫਿਰ ਕੀ ਫਾਇਦਾ ਅਜਿਹੇ ਜਾਗਰੂਕਤਾ ਹਫ਼ਤਿਆ ਦਾ ਜਾਂ ਹੋਰ ਉਪਰਾਲਿਆਂ ਦਾ, ਜੋ ਸ਼ਾਇਦ ਕਾਗਜ਼ੀ ਜਾਂ ਹਵਾਈ ਹੀ ਸਾਬਿਤ ਹੁੰਦੇ ਹਨ।

 

ਅੱਜ ਲੋੜ ਹੈ ਇਸ ਬਾਰੇ ਗੰਭੀਰਤਾ ਨਾਲ ਵਿਚਾਰਣ ਦੀ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਸਿੱਧੇ ਤੋਰ ’ਤੇ ਜੁੜੇ ਇਸ ਮੁੱਦੇ ਪ੍ਰਤੀ ਯੋਗ ਮੁਹਿੰਮਾਂ ਚਲਾਉਣ ਤੇ ਹਰ ਪੱਧਰ ਤੱਕ ਲਾਗੂ ਕਰਨ ਦੀ। ਸਰਕਾਰਾਂ ਨੂੰ ਚਾਹੀਦਾ ਹੈ ਕਿ ਆਵਾਜਾਈ ਵਿਭਾਗ ਨਾਲ ਜੁੜੇ ਹਰ ਪੱਧਰ ਦੇ ਅਧਿਕਾਰੀ/ ਕਰਮਚਾਰੀ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰਨ ਦੇ ਨਾਲ- ਨਾਲ ਉਨ੍ਹਾਂ ਨੂੰ ਹਰ ਉਸ ਦਬਾਅ ਤੋਂ ਮੁਕਤ ਕਰਨ ਦੀ, ਜਿਸ ਦੇ ਚਲਦਿਆਂ ਸ਼ਾਇਦ ਉਹ ਕਈ ਵਾਰ ਆਵਾਜਾਈ ਨਿਯਮਾਂ/ਕਾਨੂੰਨਾਂ ਨੂੰ ਤੋੜਨ ਵਾਲਿਆਂ ਨੂੰ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਵੈਸੇ ਤਾਂ ਹਰ ਮਹਿਕਮੇ ’ਤੇ ਹੀ ਗੈਰ ਵਾਜਿਬ ਦਬਾਅ (ਸਿਆਸੀ ਜਾਂ ਹੋਰ) ਗਲਤ ਹੈ ਪਰ ਇਸ ਮਹਿਕਮੇ ਤੋਂ ਅਜਿਹਾ ਦਬਾਅ ਹਟਾਇਆ ਜਾਣਾ ਬਹੁਤ ਜ਼ਰੂਰੀ ਹੈ, ਕਿਉਕਿ ਆਖਿਰਕਾਰ ਇਹ ਮਾਮਲਾ ਸਾਡੀਆਂ ਜ਼ਿੰਦਗੀਆਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਇਸ ਦਬਾਅ ਨੂੰ ਹਟਾਉਣ ਦੇ ਨਾਲ- ਨਾਲ ਭਿ੍ਰਸ਼ਟ ਤੰਤਰ ਨੂੰ ਰੋਕਣ ਦੀ ਵੀ ਲੋੜ ਹੈ, ਜਿਸ ਉਪਰੰਤ ਹੀ ਜਾਗਰੂਕਤਾ ਹਫ਼ਤੇ ਸ਼ਾਇਦ ਅਸਰਦਾਰ ਸਾਬਿਤ ਹੋ ਸਕਦੇ ਹਨ।

 

ਸੰਜੀਵ ਮੋਹਨ ਡਾਵਰ


Rss_feed